Genesis 32

1ਯਾਕੂਬ ਆਪਣੇ ਰਾਹ ਪੈ ਗਿਆ ਤਦ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ । 2ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਇਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਤੇ ਉਸ ਥਾਂ ਦਾ ਨਾਮ ਮਹਨਾਯਿਮ ਰੱਖਿਆ ।

3ਤਦ ਯਾਕੂਬ ਨੇ ਆਪਣੇ ਅੱਗੇ ਸੰਦੇਸ਼-ਵਾਹਕਾਂ ਨੂੰ ਆਪਣੇ ਭਰਾ ਏਸਾਓ ਕੋਲ, ਸ਼ੇਈਰ ਦੇਸ਼ ਅਤੇ ਅਦੋਮ ਦੇ ਮੈਦਾਨ ਵਿੱਚ ਭੇਜਿਆ 4ਅਤੇ ਉਨ੍ਹਾਂ ਨੂੰ ਹੁਕਮ ਦੇ ਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਇਸ ਤਰ੍ਹਾਂ ਆਖੋ, ਤੁਹਾਡਾ ਦਾਸ ਯਾਕੂਬ ਇਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ । 5ਮੇਰੇ ਕੋਲ ਬਲ਼ਦ, ਗਧੇ, ਇੱਜੜ ਅਤੇ ਦਾਸ-ਦਾਸੀਆਂ ਹਨ ਅਤੇ ਮੈਂ ਆਪਣੇ ਸਵਾਮੀ ਨੂੰ ਇਹ ਦੱਸਣ ਲਈ ਇਨ੍ਹਾਂ ਨੂੰ ਭੇਜਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ ।

6ਯਾਕੂਬ ਦੇ ਸੰਦੇਸ਼-ਵਾਹਕਾਂ ਨੇ ਮੁੜ ਆ ਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ । ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ । 7ਤਦ ਯਾਕੂਬ ਬਹੁਤ ਡਰ ਗਿਆ ਅਤੇ ਘਬਰਾਇਆ, ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਬਲ਼ਦਾਂ ਅਤੇ ਊਠਾਂ ਨੂੰ ਲੈ ਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ 8ਅਤੇ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਹਮਲਾ ਕਰੇ ਅਤੇ ਉਸ ਨੂੰ ਮਾਰ ਸੁੱਟੇ ਤਦ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ ।

9ਫਿਰ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਅਤੇ ਆਪਣਿਆਂ ਸਬੰਧੀਆਂ ਕੋਲ ਮੁੜ ਜਾ ਅਤੇ ਮੈਂ ਤੇਰੇ ਸੰਗ ਭਲਿਆਈ ਕਰਾਂਗਾ: 10ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ । ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ ।

11ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ । 12ਤੂੰ ਤਾਂ ਆਖਿਆ, ਕਿ ਮੈਂ ਤੇਰੇ ਨਾਲ ਭਲਿਆਈ ਹੀ ਭਲਿਆਈ ਕਰਾਂਗਾ ਅਤੇ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਧਾਵਾਂਗਾ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ।

13ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ 14ਅਰਥਾਤ ਦੋ ਸੌ ਬੱਕਰੀਆਂ, ਵੀਹ ਬੱਕਰੇ, ਦੋ ਸੌ ਭੇਡਾਂ, ਵੀਹ ਮੇਂਢੇ, 15ਤੀਹ ਸੂਈਆਂ ਹੋਈਆਂ ਊਠਣੀਆਂ ਬੱਚਿਆਂ ਸਮੇਤ, ਚਾਲ੍ਹੀ ਗਊਆਂ, ਦਸ ਸਾਨ੍ਹ, ਵੀਹ ਗਧੀਆਂ ਅਤੇ ਉਹਨਾਂ ਦੇ ਦਸ ਬੱਚੇ । 16ਉਸ ਨੇ ਉਨ੍ਹਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਦੇ ਹੱਥ ਦੇ ਦਿੱਤੇ ਅਤੇ ਆਪਣੇ ਸੇਵਕਾਂ ਨੂੰ ਆਖਿਆ, ਤੁਸੀਂ ਮੇਰੇ ਅੱਗੇ-ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਫ਼ਾਸਲਾ ਰੱਖੋ ।

17ਸਭ ਤੋਂ ਅੱਗੇ ਜਾਣ ਵਾਲੇ ਝੁੰਡ ਦੇ ਰਖਵਾਲੇ ਨੂੰ ਉਸ ਨੇ ਇਹ ਹੁਕਮ ਦਿੱਤਾ, ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਤੇ ਉਹ ਪੁੱਛੇ, ਤੂੰ ਕਿਸ ਦਾ ਦਾਸ ਹੈਂ, ਕਿੱਧਰ ਨੂੰ ਜਾਂਦਾ ਹੈਂ ਅਤੇ ਇਹ ਤੇਰੇ ਅੱਗੇ ਜਾਣ ਵਾਲੇ ਕਿਸ ਦੇ ਹਨ ? 18ਤਾਂ ਤੂੰ ਆਖੀਂ ਇਹ ਤੁਹਾਡੇ ਦਾਸ ਯਾਕੂਬ ਦੇ ਹਨ । ਇਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਘੱਲਿਆ ਹੈ ਅਤੇ ਵੇਖੋ, ਉਹ ਵੀ ਸਾਡੇ ਪਿੱਛੇ ਹੈ ।

19ਅਤੇ ਉਸ ਨੇ ਦੂਜੇ ਅਤੇ ਤੀਜੇ ਰਖਵਾਲਿਆਂ ਨੂੰ ਸਗੋਂ ਸਾਰਿਆਂ ਨੂੰ ਜਿਹੜੇ ਝੁੰਡ ਦੇ ਪਿੱਛੇ ਆਉਂਦੇ ਸਨ, ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਖਣਾ । 20ਅਤੇ ਇਹ ਵੀ ਆਖਣਾ, ਵੇਖੋ, ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ ਕਿਉਂ ਜੋ ਉਸ ਨੇ ਆਖਿਆ ਕਿ ਇਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ-ਅੱਗੇ ਜਾਂਦਾ ਹੈ ਮੈਂ ਉਸ ਦਾ ਗੁੱਸਾ ਠੰਡਾ ਕਰਾਂਗਾ ਅਤੇ ਇਸ ਤੋਂ ਬਾਅਦ ਹੀ ਉਹ ਦਾ ਮੂੰਹ ਵੇਖਾਂਗਾ, ਸ਼ਾਇਦ ਉਹ ਮੈਨੂੰ ਕਬੂਲ ਕਰੇ । 21ਇਸ ਲਈ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਤੇ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ ।

22ਉਹ ਉਸੇ ਰਾਤ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ, ਦੋਵੇਂ ਦਾਸੀਆਂ ਅਤੇ ਗਿਆਰਾਂ ਪੁੱਤਰਾਂ ਨੂੰ ਲੈ ਕੇ ਯੱਬੋਕ ਨਦੀ ਤੋਂ ਪਾਰ ਲੰਘਾ ਦਿੱਤਾ । 23ਉਸ ਨੇ ਉਨ੍ਹਾਂ ਨੂੰ ਅਤੇ ਜੋ ਉਸ ਦੇ ਕੋਲ ਸੀ, ਪਾਰ ਲੰਘਾ ਦਿੱਤਾ ।

24ਅਤੇ ਯਾਕੂਬ ਇਕੱਲਾ ਰਹਿ ਗਿਆ, ਉਸ ਦੇ ਨਾਲ ਇੱਕ ਮਨੁੱਖ ਦਿਨ ਚੜ੍ਹਨ ਤੱਕ ਘੁਲਦਾ ਰਿਹਾ । 25ਜਦ ਉਸ ਨੇ ਵੇਖਿਆ ਕਿ ਮੈਂ ਯਾਕੂਬ ਤੋਂ ਜਿੱਤ ਨਹੀਂ ਸਕਦਾ ਤਾਂ ਉਸ ਨੇ ਯਾਕੂਬ ਦੇ ਪੱਟ ਦੇ ਜੋੜ ਨੂੰ ਹੱਥ ਲਾਇਆ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਨ ਦੇ ਕਾਰਨ ਨਿੱਕਲ ਗਿਆ । 26ਤਦ ਉਸ ਮਨੁੱਖ ਨੇ ਆਖਿਆ, ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ । ਯਾਕੂਬ ਨੇ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ ।

27ਤਾਂ ਉਸ ਨੇ ਪੁੱਛਿਆ, ਤੇਰਾ ਨਾਮ ਕੀ ਹੈ ? ਉਸ ਨੇ ਆਖਿਆ, ਯਾਕੂਬ । 28ਤਦ ਉਸ ਨੇ ਆਖਿਆ, ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂ ਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਯੁੱਧ ਕਰ ਕੇ ਜਿੱਤ ਗਿਆ ਹੈਂ ।

29ਤਾਂ ਯਾਕੂਬ ਨੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ ? ਉਸ ਨੇ ਆਖਿਆ, ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ ? ਤਦ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ । 30ਯਾਕੂਬ ਨੇ ਇਹ ਆਖ ਕੇ ਉਸ ਸਥਾਨ ਦਾ ਨਾਮ ਪਨੀਏਲ ਰੱਖਿਆ ਕਿਉਂ ਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ-ਸਾਹਮਣੇ ਵੇਖਿਆ ਅਤੇ ਉਸ ਦੀ ਜਾਨ ਬਚ ਗਈ ।

31ਜਦ ਉਹ ਪਨੀਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ । ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ ।

32

Copyright information for PanULB